ਖੰਨਾ 17 ਜੁਲਾਈ (ਅਰਵਿੰਦਰ ਸਿੰਘ ਸਵੈਚ, ਗੀਤਾ ਰਾਣੀ)
ਦੋਰਾਹਾ ਅਤੇ ਆਸ-ਪਾਸ ਦੇ ਉਦਯੋਗਿਕ ਖੇਤਰ ਵਿੱਚ ਕੁਝ ਫੈਕਟਰੀਆਂ ਵੱਲੋਂ ਕਈ ਸਾਲਾਂ ਤੋਂ ਕੈਮੀਕਲਯੁਕਤ ਗੰਦਾ ਪਾਣੀ ਗੁਪਤ ਤਰੀਕੇ ਨਾਲ ਧਰਤੀ ਹੇਠਾਂ ਪਾਏ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ 'ਤੇ ਸਖ਼ਤ ਨੋਟਿਸ ਲੈਂਦਿਆਂ *ਚੇਅਰਮੈਨ ਬੂਟਾ ਸਿੰਘ ਗਿੱਲ* ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਬੂਟਾ ਸਿੰਘ ਗਿੱਲ ਨੇ ਕਿਹਾ ਕਿ ਦੋਰਾਹਾ ਦੇ ਆਸ-ਪਾਸ ਲੱਗੀਆਂ ਕੁਝ ਫੈਕਟਰੀਆਂ ETP ਚਲਾਉਣ ਦੀ ਬਜਾਏ ਰਾਤ ਦੇ ਸਮੇਂ ਟੈਂਕਰਾਂ ਅਤੇ ਲੁਕਵੀਆਂ ਪਾਈਪਲਾਈਨਾਂ ਰਾਹੀਂ ਗੰਦਾ ਪਾਣੀ ਖੇਤਾਂ ਅਤੇ ਫੈਕਟਰੀ ਅੰਦਰ ਖੁਦਾਈ ਕਰਕੇ ਗੁਪਤ ਤਰੀਕੇ ਨਾਲ ਬਣਾਏ ਬੋਰਾਂ ਵਿੱਚ ਸੁੱਟ ਰਹੀਆਂ ਹਨ। ਇਹ ਕੰਮ ਕਾਫੀ ਲੰਬੇ ਸਮੇਂ ਤੋਂ ਬਿਨਾਂ ਕਿਸੇ ਡਰ ਤੋਂ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ *ਇਹਨਾਂ ਫੈਕਟਰੀਆਂ ਨਾਲ ਲੱਗਦੇ ਪਿੰਡਾਂ ਜਿਵੇਂ ਬਰਮਾਲੀਪੁਰ, ਕੱਦੋਂ, ਸਾਹਪੁਰ, ਕੋਟਲੀ, ਪਾਇਲ ਅਤੇ ਬਿਸ਼ਨਪੁਰਾ ਆਦਿ ਪਿੰਡਾਂ ਦੇ ਪਾਣੀ ਦਾ ਰੰਗ ਬਦਲ ਚੁੱਕਾ ਹੈ ਅਤੇ ਜ਼ਮੀਨਾਂ ਦੀ ਉਪਜਾਊ ਸ਼ਕਤੀ ਵੀ ਘਟ ਰਹੀ ਹੈ।* ਲੋਕਾਂ ਨੂੰ ਚਮੜੀ ਅਤੇ ਪੇਟ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
*ਮੁੱਖ ਮੰਤਰੀ ਅਤੇ ਪ੍ਰਦੂਸ਼ਣ ਬੋਰਡ ਨੂੰ ਲਿਖੀ ਚਿੱਠੀ*
ਚੇਅਰਮੈਨ ਬੂਟਾ ਸਿੰਘ ਗਿੱਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ ਵਿੱਚ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਫੈਕਟਰੀ ਮਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਅਪੀਲ ਕੀਤੀ ਕਿ ਦੋਰਾਹਾ ਦੇ ਉਦਯੋਗਿਕ ਖੇਤਰ ਵਿੱਚ ਅਚਾਨਕ ਛਾਪੇਮਾਰੀ ਕਰਕੇ ਪਾਣੀ ਅਤੇ ਮਿੱਟੀ ਦੇ ਸੈਂਪਲ ਭਰੇ ਜਾਣ।
ਚੇਅਰਮੈਨ ਗਿੱਲ ਨੇ ਕਿਹਾ, "ਮਾਨ ਸਰਕਾਰ ਵਾਤਾਵਰਣ ਅਤੇ ਕਿਸਾਨਾਂ ਪ੍ਰਤੀ ਵਚਨਬੱਧ ਹੈ। ਜੇ ਸਮੇਂ ਸਿਰ ਇਸ 'ਤੇ ਰੋਕ ਨਾ ਲਗਾਈ ਗਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੀਣ ਯੋਗ ਪਾਣੀ ਦਾ ਸੰਕਟ ਖੜ੍ਹਾ ਹੋ ਜਾਵੇਗਾ।"
ਇਲਾਕਾ ਵਾਸੀਆਂ ਨੇ ਵੀ ਬੂਟਾ ਸਿੰਘ ਗਿੱਲ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਹੁਣ ਇਸ ਮਾਮਲੇ ਵਿੱਚ ਸਖ਼ਤੀ ਵਰਤਣੀ ਚਾਹੀਦੀ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।


0 Comments