ਸੂਬੇ ਦੇ ਸਰਵਪੱਖੀ ਵਿਕਾਸ ਲਈ 'ਡਬਲ ਇੰਜਣ ਸਰਕਾਰ' ਦਾ ਹੋਣਾ ਜ਼ਰੂਰੀ: ਪ੍ਰਨੀਤ ਕੌਰ
(ਪਟਿਆਲਾ 18 ਜੁਲਾਈ - ਜਸਵਿੰਦਰ ਜੁਲਕਾ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੌਰੇ ਦੌਰਾਨ ਸੂਬੇ ਨੂੰ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀਆਂ ਸੌਗਾਤਾਂ ਦੇਣ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਨੇ ਕੇਂਦਰ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ ਹੈ। ਜਲੰਧਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ-ਪੱਥਰ ਰੱਖੇ। ਪ੍ਰਨੀਤ ਕੌਰ ਨੇ ਦੱਸਿਆ ਕਿ 'ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ' ਤਹਿਤ 125 ਕਰੋੜ ਦੀ ਲਾਗਤ ਨਾਲ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤੇ ਗਏ, ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਪੰਜਾਬ ਲਈ ਇੱਕ ਵੱਡੀ ਉਪਲਬਧੀ ਹੈ। ਇਸ ਦੇ ਨਾਲ ਹੀ ਸੂਬੇ ਦੇ 3 ਹੋਰ ਪ੍ਰਮੁੱਖ ਸਟੇਸ਼ਨਾਂ ਮੋਹਾਲੀ, ਮੁਕਤਸਰ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਨਵੀਨੀਕਰਨ ਦੀ ਸੌਗਾਤ ਵੀ ਮਿਲੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨੰਗਲ ਡੈਮ-ਤਲਵਾੜਾ-ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਲਗਭਗ 830 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਦੌਲਤਪੁਰ ਚੌਕ-ਕਰਟੋਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਕੀਤਾ ਗਿਆ ਹੈ। ਸ਼ਰਧਾਲੂਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਅੰਮ੍ਰਿਤਸਰ (ਛੇਹਰਟਾ)-ਵਾਰਾਨਸੀ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ ਅਤੇ 25.2 ਕਿਲੋਮੀਟਰ ਲੰਬੇ ਛੇ-ਮਾਰਗੀ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ-ਪੱਥਰ ਵੀ ਰੱਖਿਆ ਗਿਆ। ਇਹ ਪ੍ਰੋਜੈਕਟ ਲੁਧਿਆਣਾ ਅਤੇ ਬਠਿੰਡਾ ਵਿਚਕਾਰ ਯਾਤਰਾ ਦੀ ਦੂਰੀ ਅਤੇ ਸਮੇਂ ਨੂੰ ਕਾਫ਼ੀ ਘਟਾਏਗਾ, ਜਿਸ ਨਾਲ ਵਪਾਰ ਅਤੇ ਆਵਾਜਾਈ ਨੂੰ ਵੱਡਾ ਹੁਲਾਰਾ ਮਿਲੇਗਾ।
ਪ੍ਰਧਾਨ ਮੰਤਰੀ ਮੋਦੀ ਦਾ ਆਭਾਰ ਪ੍ਰਗਟ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਪੰਜਾਬ ਦੀ ਉੱਨਤੀ, ਖੁਸ਼ਹਾਲੀ ਅਤੇ ਹਰ ਵਰਗ ਦੇ ਕਲਿਆਣ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਇਹ ਪ੍ਰੋਜੈਕਟ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਸਾਬਤ ਹੋਣਗੇ। ਆਓ ਅਸੀਂ ਸਭ ਮਿਲ ਕੇ ਵਿਕਸਤ ਪੰਜਾਬ ਵਿਕਸਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰੀਏ। ਅਖੀਰ ਵਿੱਚ ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਵਿਕਾਸ ਲਈ ਲਗਾਤਾਰ ਇਤਿਹਾਸਕ ਕਦਮ ਚੁੱਕ ਰਹੀ ਹੈ। ਜੇਕਰ ਪੰਜਾਬ ਦੀ ਜਨਤਾ ਆਉਣ ਵਾਲੇ ਸਮੇਂ ਵਿੱਚ ਸੂਬੇ ਅੰਦਰ ਵੀ 'ਡਬਲ ਇੰਜਣ ਦੀ ਸਰਕਾਰ' ਬਣਾਉਂਦੀ ਹੈ ਤਾਂ ਪੰਜਾਬ ਦੇ ਵਿਕਾਸ ਦੀ ਰਫ਼ਤਾਰ ਕਈ ਗੁਣਾ ਹੋਰ ਵਧ ਜਾਵੇਗੀ ਅਤੇ ਸੂਬਾ ਮੁੜ ਤੋਂ ਦੇਸ਼ ਦਾ ਨੰਬਰ ਇੱਕ ਸੂਬਾ ਬਣੇਗਾ।


0 Comments