ਅੰਮ੍ਰਿਤਸਰ 17 ਜੁਲਾਈ ( ) ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਮੀਡੀਆ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਪੱਧਰੀ ਨੇ ਇਕ ਪ੍ਰੈਸ ਨੋਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਹਰੀ ਪੱਗ ਬੰਨ੍ਹ ਕੇ ਆਉਣਾ ਇੱਕ ਪ੍ਰਤੀਕਾਤਮਕ ਸੰਦੇਸ਼ ਹੋ ਸਕਦਾ ਹੈ, ਪਰ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਅੱਜ ਵੀ ਕਿਸਾਨ ਅੰਦੋਲਨ ਦੀਆਂ ਉਹ ਤਸਵੀਰਾਂ ਤਾਜ਼ਾ ਹਨ ਜਿਨ੍ਹਾਂ ਨੂੰ ਸਿਰਫ਼ ਪਹਿਰਾਵੇ ਨਾਲ ਨਹੀਂ ਮਿਟਾਇਆ ਜਾ ਸਕਦਾ। ਭਾਈ ਪੱਧਰੀ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਪੰਜਾਬ ਸਮੇਤ ਦੇਸ਼ ਭਰ ਦੇ ਲੱਖਾਂ ਕਿਸਾਨ ਸੜਕਾਂ 'ਤੇ ਉਤਰੇ। ਉਨ੍ਹਾਂ ਨੇ ਆਪਣੇ ਹੱਕਾਂ ਦੀ ਰਾਖੀ ਲਈ ਮਹੀਨਿਆਂ ਤੱਕ ਕੜਾਕੇ ਦੀ ਠੰਢ, ਭਿਆਨਕ ਗਰਮੀ ਅਤੇ ਮੀਂਹ ਵਿੱਚ ਸੰਘਰਸ਼ ਕੀਤਾ। ਇਸ ਅੰਦੋਲਨ ਦੌਰਾਨ ਸੈਂਕੜੇ ਕਿਸਾਨਾਂ ਦੀਆਂ ਮੌਤਾਂ ਹੋਈਆਂ ਅਤੇ ਅਨੇਕਾਂ ਪਰਿਵਾਰਾਂ ਨੇ ਆਪਣੇ ਪਿਆਰੇ ਗੁਆਏ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦਾ ਦਰਦ ਅੱਜ ਵੀ ਪੰਜਾਬ ਦੇ ਦਿਲ ਵਿੱਚ ਵੱਸਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਵਿੱਚ ਦਿੱਲੀ ਵੱਲ ਜਾਣ ਵਾਲੇ ਰਸਤਿਆਂ 'ਤੇ ਵੱਡੀਆਂ ਰੋਕਾਂ, ਬੈਰੀਕੇਡ, ਸੀਮੈਂਟ ਦੇ ਬਲਾਕ, ਕੰਡਿਆਲੀ ਤਾਰਾਂ ਅਤੇ ਹੋਰ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਕਿਸਾਨ ਜਥਿਆਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਗਏ, ਜਿਨ੍ਹਾਂ ਦੀਆਂ ਤਸਵੀਰਾਂ ਅਤੇ ਦ੍ਰਿਸ਼ ਅੱਜ ਵੀ ਲੋਕਾਂ ਦੀ ਯਾਦ ਵਿੱਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਕਿਸਾਨਾਂ ਦੇ ਮਨਾਂ 'ਤੇ ਡੂੰਘਾ ਅਸਰ ਛੱਡਿਆ। ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਅੱਜ ਜਦੋਂ ਪ੍ਰਧਾਨ ਮੰਤਰੀ ਪੰਜਾਬ ਆ ਕੇ ਹਰੀ ਪੱਗ ਪਹਿਨਦੇ ਹਨ ਤਾਂ ਇਹ ਸਵਾਲ ਸੁਭਾਵਿਕ ਤੌਰ 'ਤੇ ਉੱਠਦਾ ਹੈ ਕਿ ਕੀ ਸਿਰਫ਼ ਪ੍ਰਤੀਕ ਬਦਲਣ ਨਾਲ ਇਤਿਹਾਸ ਦੀਆਂ ਕੌੜੀਆਂ ਯਾਦਾਂ ਮਿਟ ਸਕਦੀਆਂ ਹਨ ? ਪੰਜਾਬ ਦੇ ਲੋਕ ਰੰਗਾਂ ਅਤੇ ਪਹਿਰਾਵਿਆਂ ਸੀਮਿਤ ਨਹੀ ਸਗੋਂ ਨੀਤੀਆਂ, ਫ਼ੈਸਲਿਆਂ ਅਤੇ ਲੋਕ ਹਿੱਤਾਂ ਪ੍ਰਤੀ ਵਚਨਬੱਧਤਾ ਨੂੰ ਵੀ ਮਹੱਤਵ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਸੱਚਮੁੱਚ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਦਾ ਭਰੋਸਾ ਜਿੱਤਣਾ ਚਾਹੁੰਦੀ ਹੈ ਤਾਂ ਇਸ ਲਈ ਪ੍ਰਤੀਕਾਂ ਦੀ ਨਹੀਂ, ਸਗੋਂ ਅਜਿਹੇ ਠੋਸ ਕਦਮਾਂ ਦੀ ਲੋੜ ਹੈ ਜੋ ਕਿਸਾਨਾਂ ਦੀ ਆਮਦਨ, ਫ਼ਸਲਾਂ ਦੀ ਸੁਰੱਖਿਆ, ਨੌਜਵਾਨਾਂ ਦੇ ਭਵਿੱਖ, ਪੰਜਾਬ ਦੇ ਪਾਣੀਆਂ ਅਤੇ ਸੂਬੇ ਦੇ ਆਰਥਿਕ ਹਿੱਤਾਂ ਨੂੰ ਮਜ਼ਬੂਤ ਕਰਨ। ਭਾਈ ਪੱਧਰੀ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਭਾਵਨਾਵਾਂ ਨਾਲ ਨਹੀਂ, ਆਪਣੇ ਤਜ਼ਰਬਿਆਂ ਨਾਲ ਫ਼ੈਸਲਾ ਕਰਦਾ ਹੈ। ਉਹ ਇਹ ਵੀ ਯਾਦ ਰੱਖਦਾ ਹੈ ਕਿ ਕਿਸ ਨੇ ਉਸ ਦੇ ਸੰਘਰਸ਼ ਵੇਲੇ ਉਸ ਦਾ ਸਾਥ ਦਿੱਤਾ ਅਤੇ ਕਿਸ ਸਮੇਂ ਉਸ ਨੂੰ ਰੁਕਾਵਟਾਂ ਦਾ ਸਾਹਮਣਾਂ ਕਰਨਾ ਪਿਆ। ਇਸ ਲਈ ਹਰੀ ਪੱਗ ਪਹਿਨ ਲੈਣ ਨਾਲ ਹੀ ਕਿਸਾਨਾਂ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਉਮੀਦ ਹੁੰਦੀ ਹੈ ਕਿ ਉਹ ਹਰ ਵਰਗ ਦੇ ਲੋਕਾਂ ਦੇ ਜ਼ਖ਼ਮਾਂ ਨੂੰ ਭਰਨ ਵਾਲੇ ਫ਼ੈਸਲੇ ਲੈਣ। ਪੰਜਾਬ ਦੇ ਲੋਕਾਂ ਨੂੰ ਵੀ ਇਹੀ ਉਮੀਦ ਸੀ ਕਿ ਉਨ੍ਹਾਂ ਨਾਲ ਸੰਵਾਦ, ਸਨਮਾਨ ਅਤੇ ਇਨਸਾਫ਼ ਦੇ ਆਧਾਰ 'ਤੇ ਵਿਹਾਰ ਕੀਤਾ ਜਾਵੇਗਾ, ਨਾ ਕਿ ਸਿਰਫ਼ ਅਜਿਹੇ ਪ੍ਰਤੀਕਾਂ ਰਾਹੀਂ ਜੋ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਜੋਂ ਦੇਖੇ ਜਾਣ।


0 Comments