ਅਮਲੋਹ (ਰਿਸ਼ੂ ਗੋਇਲ) - ਸ਼ਹਿਰ ਅਮਲੋਹ ਵਿਖੇ ਦਰਜਨਾਂ ਜਨਤਕ ਥਾਵਾਂ ਤੇ ਖੁੱਲੇ ਵਿੱਚ ਕੂੜੇ ਦੇ ਵਿਸ਼ਾਲ ਢੇਰ ਲੱਗੇ ਹੋਏ ਹਨ ਜੋ ਕਿ ਵਾਤਾਵਰਨ ਵਿੱਚ ਹਵਾ ਤੇ ਧਰਤੀ ਪ੍ਰਦੂਸ਼ਣ ਦੇ ਨਾਲ਼ ਲੋਕਾਂ ਨੂੰ ਮੁਫ਼ਤ ਵਿੱਚ ਵੱਡੀਆਂ ਬਿਮਾਰੀਆਂ ਵੰਡ ਰਹੇ ਹਨ ਜਿੰਨਾਂ ਤੋਂ ਨਿਜਾਤ ਦਿਵਾਉਣ ਲਈ ਕੋਈ ਸਿਆਸੀ ਆਗੂ ਤੇ ਸਮਾਜ਼ ਸੇਵੀ ਅਵਾਜ਼ ਨਹੀਂ ਉਠਾ ਰਿਹਾ ਹੈ ਕਿਉਂਕਿ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਨਗਰ ਕੌਂਸਲ ਦੀਆਂ ਚੋਣਾਂ ਦੀ ਕੋਈ ਤਾਰੀਖ਼ ਦਾ ਐਲਾਨ ਨਾਂ ਕਰਨ ਕਾਰਨ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ ਫਿਲਹਾਲ ਆਪਣੇਂ ਘਰਾਂ ਵਿੱਚ ਅਰਾਮ ਫੁਰਮਾ ਰਹੇ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਦੇ ਨਾਲ਼ ਰਾਹਗੀਰਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਸ ਮੌਕੇ ਵਾਰਡ ਨੰਬਰ 1 ਤੇ 2 ਦੇ ਵਾਸੀ ਵਿਨੋਦ ਕੁਮਾਰ, ਲਵੀ ਪਜਨੀ, ਸੁਭਾਸ਼ ਜਿੰਦਲ ਤੇ ਹੋਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਵਾਰਡ ਵਿੱਚ ਖੁੱਲੇ ਵਿੱਚ ਲੱਗ ਰਹੇ ਕੂੜੇ ਦੇ ਢੇਰਾਂ ਨੂੰ ਹਟਵਾਉਣ ਲਈ ਜ਼ਿਲਾ ਫਤਹਿਗੜ੍ਹ ਸਾਹਿਬ ਦੇ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਲਿਖ਼ਤੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਜਿੰਨਾਂ ਵਲੋਂ ਹੁਣ ਤੱਕ ਵਾਰਡ ਵਾਸੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਅਮਲੋਹ ਵਲੋਂ ਸ਼ਹਿਰ ਨੂੰ ਕੂੜਾ ਮੁਕਤ ਕਰਨ ਦਾ ਐਲਾਨ ਕਰਕੇ ਸਰਕਾਰੀ ਫਾਈਲਾਂ ਵਿੱਚ ਆਪਣੀਂ ਪਿੱਠ ਆਪ ਥਪਥਪਾਈ ਜਾ ਰਹੀ ਹੈ ਜਦੋਂ ਕਿ ਜ਼ਮੀਨੀ ਪੱਧਰ ਤੇ ਹਕੀਕਤ ਜ਼ੀਰੋ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਅੱਜ਼ ਪੰਜਾਬ ਸਰਕਾਰ, ਸਿਹਤ ਵਿਭਾਗ ਤੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਲੋਕਾਂ ਨੂੰ ਵੱਡੀਆਂ ਸਿਹਤ ਤੇ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਸ਼ਹਿਰ ਅਮਲੋਹ ਦੇ ਦਰਜਨਾਂ ਜਨਤਕ ਥਾਵਾਂ ਤੇ ਲੱਗੇ ਕੂੜੇ ਦੇ ਵਿਸ਼ਾਲ ਢੇਰ ਸ਼ਹਿਰ ਵਿੱਚ ਡੇਂਗੂ, ਚਿਕਨਗੁਨੀਆ ਤੇ ਹੋਰ ਭਿਆਨਕ ਬਿਮਾਰੀਆਂ ਦੇ ਮਰੀਜ਼ਾਂ ਵਿੱਚ ਅਥਾਹ ਵਾਧਾ ਕਰ ਰਹੇ ਹਨ ਜਿੰਨਾਂ ਦੀ ਰੱਬ ਹੀ ਰਾਖਾ ਹੈ।
ਫੋਟੋ :- ਸ਼ਹਿਰ ਅਮਲੋਹ ਵਿਖੇ ਜਨਤਕ ਥਾਵਾਂ ਤੇ ਖੁੱਲੇ ਵਿੱਚ ਲੱਗੇ ਕੂੜੇ ਦੇ ਢੇਰ ਦਾ ਦ੍ਰਿਸ਼।
Post a Comment