ਘੱਲੂਘਾਰੇ ਦੇ ਜ਼ਖ਼ਮਾਂ ਦਾ ਹੱਲ ਹੁਣ ‘ਖਾਲਿਸਤਾਨ ਰੈਫਰੈਂਡਮ’ ਦੀ ਵੋਟ ਰਾਹੀਂ
ਵੱਲੋਂ-ਗੁਰਵੰਸ਼ਪ੍ਰੀਤ ਕੌਰ ਕੈਨੇਡਾ
ਜੂਨ ਦਾ ਉਹ ਕਾਲਾ ਮਹੀਨਾ ਦਿਨ ਇਸ ਹਮਲੇ ਵਿੱਚ ਨਾ ਕੇਵਲ ਸਿੰਘਾਂ ਨੇ ਸ਼ਹਾਦਤਾਂ ਪਾਈਆਂ, ਸਗੋਂ ਬਜ਼ੁਰਗਾਂ, ਬੀਬੀਆਂ ਅਤੇ ਦੁੱਧ ਚੁੰਘਦੇ ਮਾਸੂਮ ਬੱਚਿਆਂ ਨੂੰ ਵੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਦਾ ਸਰੋਵਰ ਸਿੱਖਾਂ ਦੇ ਪਵਿੱਤਰ ਲਹੂ ਨਾਲ ਲਾਲ ਹੋ ਗਿਆ ਸੀ। ਉਹ ਦਰਦ ਅੱਜ ਵੀ ਹਰ ਸਿੱਖ ਦੇ ਸੀਨੇ ਵਿੱਚ ਓਸੇ ਤਰ੍ਹਾਂ ਬਰਕਰਾਰ ਹੈ।, ਜਦੋਂ ਨਿਰਦੋਸ਼ ਸੰਗਤਾਂ, ਬੀਬੀਆਂ, ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਨੂੰ ਟੈਂਕਾਂ-ਤੋਪਾਂ ਦੀ ਗਰਜ ਹੇਠ ਸ਼ਹੀਦ ਕਰ ਦਿੱਤਾ ਗਿਆ ਸੀ, ਅੱਜ 42 ਸਾਲ ਬੀਤ ਜਾਣ ਮਗਰੋਂ ਵੀ ਸਿੱਖ ਕੌਮ ਦੇ ਹਿਰਦਿਆਂ ਵਿੱਚ ਇੱਕ ਅਸਹਿ ਦਰਦ ਬਣ ਕੇ ਧੜਕ ਰਿਹਾ ਹੈ।
ਇਸ ਇਤਿਹਾਸਕ ਦਿਹਾੜੇ 'ਤੇ ਉੱਤਰੀ ਅਮਰੀਕਾ (ਕੈਨੇਡਾ ਅਤੇ ਅਮਰੀਕਾ) ਦੀਆਂ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ 1984 ਵਿੱਚ ਜੋ ਕੁਝ ਵਾਪਰਿਆ, ਉਹ ਸਿਰਫ਼ ਇੱਕ ਫ਼ੌਜੀ ਕਾਰਵਾਈ ਨਹੀਂ, ਸਗੋਂ ਸਿੱਖਾਂ ਦੀ ਨਸਲਕੁਸ਼ੀ ਸੀ। ਅੱਜ ਵੀ ਸਿੱਖ ਕੌਮ ਨਾਲ ਹੋ ਰਹੀ ਸਿਆਸੀ ਅਤੇ ਸਮਾਜਿਕ ਧੱਕੇਸ਼ਾਹੀ ਨਿਰੰਤਰ ਜਾਰੀ ਹੈ ਪੰਜਾਬ ਦੇ ਹੱਕਾਂ ਨੂੰ ਦਬਾਉਣਾ ਇਸ ਗੱਲ ਦਾ ਸਬੂਤ ਹੈ ਕਿ ਮੌਜੂਦਾ ਸਿਸਟਮ ਵਿੱਚ ਸਿੱਖਾਂ ਲਈ ਇਨਸਾਫ਼ ਦੀ ਕੋਈ ਉਮੀਦ ਨਹੀਂ ਬਚੀ।
"ਸਿੱਖ ਕੌਮ ਨੂੰ ਇਹ ਗੱਲ ਹੁਣ ਪੂਰੀ ਤਰ੍ਹਾਂ ਸਮਝਣੀ ਪਵੇਗੀ ਕਿ ਜਦੋਂ ਤੱਕ ਅਸੀਂ ਗੁਲਾਮੀ ਦੇ ਇਸ ਅਦਿੱਖ ਜੂਲੇ ਨੂੰ ਆਪਣੇ ਗਲੋਂ ਨਹੀਂ ਲਾਹੁੰਦੇ, ਉਦੋਂ ਤੱਕ ਸਾਡੇ ਧਾਰਮਿਕ, ਸਮਾਜਿਕ ਅਤੇ ਸਿਆਸੀ ਹੱਕ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦੇ। ਅੱਜ ਇਸ ਇਤਿਹਾਸਕ ਮੋੜ 'ਤੇ ਸਾਡੇ ਕੋਲ ਸਭ ਤੋਂ ਵੱਡਾ ਅਤੇ ਸ਼ਾਂਤੀਪੂਰਨ ਹੱਲ ਇਹੋ ਹੈ ਕਿ ਅਸੀਂ ਕੈਨੇਡਾ, ਅਮਰੀਕਾ ਅਤੇ ਦੁਨੀਆ ਭਰ ਵਿੱਚ ਹੋ ਰਹੀਆਂ ਰੈਫਰੈਂਡਮ ਦੀਆਂ ਵੋਟਾਂ ਵਿੱਚ ਆਪਣੀ ਪੂਰੀ ਤਾਕਤ ਨਾਲ ਹਿੱਸਾ ਲਈਏ। ਵੋਟ ਪਾਉਣਾ ਸਿਰਫ਼ ਇੱਕ ਸਿਆਸੀ ਪ੍ਰਕਿਰਿਆ ਨਹੀਂ, ਸਗੋਂ ਆਪਣੀ ਆਜ਼ਾਦ ਹੋਂਦ ਦਾ ਐਲਾਨ ਹੈ। ਜਦੋਂ ਅਸੀਂ ਇੱਕਜੁੱਟ ਹੋ ਕੇ ਵੋਟਾਂ ਪਾਵਾਂਗੇ ਅਤੇ ਸੰਸਾਰ ਦੇ ਨਕਸ਼ੇ 'ਤੇ ਆਪਣਾ ਆਜ਼ਾਦ ਦੇਸ਼ 'ਖਾਲਿਸਤਾਨ' ਸਥਾਪਿਤ ਕਰਾਂਗੇ, ਸਿਰਫ਼ ਉਦੋਂ ਹੀ ਸਿੱਖ ਕੌਮ ਨੂੰ ਸੱਚੇ ਮਾਇਨੇ ਵਿੱਚ ਇਨਸਾਫ਼ ਮਿਲੇਗਾ, ਸਾਡੀ ਆਉਣ ਵਾਲੀ ਨਸਲ ਦਾ ਭਵਿੱਖ ਸੁਰੱਖਿਅਤ ਹੋਵੇਗਾ ਅਤੇ ਸਾਨੂੰ ਆਪਣੇ ਦੇਸ਼ ਵਿੱਚ ਸਾਰੇ ਮਨੁੱਖੀ ਤੇ ਕੌਮੀ ਹੱਕ ਬਰਾਬਰੀ ਨਾਲ ਹਾਸਲ ਹੋ ਸਕਣਗੇ।"
ਇਸੇ ਦਰਦ ਅਤੇ ਬੇਇਨਸਾਫ਼ੀ ਦੇ ਸਦੀਵੀ ਹੱਲ ਵਜੋਂ, ਅੱਜ ਦੇ ਆਧੁਨਿਕ ਅਤੇ ਜਮਹੂਰੀ ਦੌਰ ਵਿੱਚ ਸਿੱਖ ਕੌਮ ਨੇ ਹਥਿਆਰਾਂ ਦੀ ਬਜਾਏ 'ਵੋਟ' ਦੀ ਤਾਕਤ ਨੂੰ ਆਪਣਾ ਹਥਿਆਰ ਬਣਾਇਆ ਹੈ। ਅੰਤਰਰਾਸ਼ਟਰੀ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਜਥੇਬੰਦੀ 'ਸਿੱਖਸ ਫਾਰ ਜਸਟਿਸ' (SFJ) ਵੱਲੋਂ ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਇਆ ਜਾ ਰਿਹਾ 'ਖਾਲਿਸਤਾਨ ਰੈਫਰੈਂਡਮ' ਇਸੇ ਸੰਘਰਸ਼ ਦਾ ਸਭ ਤੋਂ ਵੱਡਾ ਹਿੱਸਾ ਬਣ ਕੇ ਉੱਭਰਿਆ ਹੈ।
ਕੈਨੇਡਾ (ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਅਲਬਰਟਾ) ਅਤੇ ਅਮਰੀਕਾ ਦੇ ਪ੍ਰਮੁੱਖ ਸੂਬਿਆਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖਾਂ ਨੇ ਰੈਫਰੈਂਡਮ (ਰਾਏਸ਼ੁਮਾਰੀ) ਦੀਆਂ ਵੋਟਾਂ ਵਿੱਚ ਹਿੱਸਾ ਲੈ ਕੇ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਸਿੱਖ ਆਪਣੀ ਆਜ਼ਾਦ ਹੋਂਦ ਅਤੇ ਪ੍ਰਭੂਸੱਤਾ (ਖਾਲਿਸਤਾਨ) ਚਾਹੁੰਦੇ ਹਨ।

Post a Comment