ਬਟਾਲਾ ਹਲਕੇ ਦੇ ਲੋਕਾਂ ਨੇ ਸੁਖਜਿੰਦਰ ਰੰਧਾਵਾ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ : ਐਡਵੋਕੇਟ ਅਮਨਦੀਪ ਜੈਂਤੀਪੁਰ ਕਾਂਗਰਸ ਪਾਰਟੀ ਦੇ ਹੱਥਾਂ ’ਚ ਹੀ ਦੇਸ਼ ਦਾ ਭਵਿੱਖ ਸੁਰੱਖਿਅਤ

 


ਬਟਾਲਾ, 23 ਮਈ (ਬਲਦੇਵ ਸਿੰਘ ਖਾਲਸਾ/ਸੁਨੀਲ ਕੁਮਾਰ ਬਟਾਲਵੀ) - ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਰਾਜ ਵਿਚ ਪੰਜਾਬ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕੀਤਾ ਜਿਸ ਕਾਰਨ ਪੰਜਾਬ ਵਿਕਾਸ ਪੱਖੋਂ ਪੂਰੀ ਤਰ੍ਹਾਂ ਪੱਛੜ ਗਿਆ ਅਤੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਸਾਰੇ ਮੁੱਦਿਆਂ ’ਤੇ ਫੇਲ ਸਾਬਤ ਹੋਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਅਮਨਦੀਪ ਜੈਂਤੀਪੁਰ ਵਲੋਂ ਬਟਾਲਾ ਦੀ ਵਾਰਡ ਨੰਬਰ 43 ਵਿਖੇ ਇਕ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਇਸ ਮੀਟਿੰਗ ਦਾ ਆਯੋਜਨ ਸ੍ਰੀਮਤੀ ਅਰੁਣਾ ਸ਼ਰਮਾ ਅਤੇ ਵਿਜੇ ਕੁਮਾਰ ਵਲੋਂ ਕੀਤਾ ਗਿਆ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਪੰਜਾਬ ਅਤੇ ਦੇੇਸ਼ ਦਾ ਭਵਿੱਖ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਸੁਰੱਖਿਅਤ ਹੈ ਕਿਉਂਕਿ ਇਸ ਪਾਰਟੀ ਨੇ ਹਮੇਸ਼ਾ ਹੀ ਹਰ ਵਰਗ ਦੀ ਬਾਂਹ ਫੜੀ ਅਤੇ ਬਣਦੀਆਂ ਸਹੂਲਤਾਂ ਲਾਭ ਵੀ ਦਿਵਾਇਆ। ਉਹਨਾਂ ਕਿਹਾ ਕਿ ਦੇਸ਼ ਵਿਚ ਬਣੀ ਨਰਿੰਦਰ ਮੋਦੀ ਵਾਲੀ ਭਾਜਪਾ ਸਰਕਾਰ ਨੇ ਜਿੱਥੇ ਅਜੇ ਤੱਕ ਨਾ ਤਾਂ ਕਿਸਾਨਾਂ ਨੂੰ ਐਮ.ਐਸ.ਪੀ ਦਿੱਤੀ ਹੈ ਅਤੇ ਨਾ ਹੀ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਹੈ, ਜਿਸਦੇ ਚਲਦਿਆਂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ.ਸੁਖਜਿੰਦਰ ਸਿੰਘ ਰੰਧਾਵਾ ਨੂੰ ਜਿਤਾ ਕੇ ਸੰਸਦ ਵਿਚ ਭੇਜਿਆ ਜਾਵੇਗਾ। ਉਹਨਾਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਬਟਾਲਾ ਵਿਚ ਚੋਣ ਜਲਸੇ ਕਰ ਰਹੇ ਹਨ ਅਤੇ ਲੋਕਾਂ ਵਲੋਂ ਦਿੱਤੇ ਜਾ ਰਹੇ ਸਮਰਥਨ ਅਤੇ ਪਿਆਰ ਤੋਂ ਸਾਫ ਨਜ਼ਰ ਆ ਰਿਹਾ ਕਿ ਇਸ ਵਾਰ ਲੋਕ ਕਾਂਗਰਸ ਦੇ ਹੱਕ ਵਿਚ ਫਤਵਾ ਦੇਣ ਦਾ ਮਨ ਬਣਾ ਚੁੱਕੇ ਹਨ।  ਉਹਨਾਂ ਕਿਹਾ ਕਿ ਦੇਸ਼ ਵਿਚ 10 ਸਾਲ ਰਾਜ ਕਰਨ ਵਾਲੀ ਮੋਦੀ ਸਰਕਾਰ ਨੇ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮੁਆਫ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਦੇਸ਼ ਦੇ ਹਰ ਵਰਗ ਨੂੰ ਲੋਕ ਭਲਾਈ ਸਕੀਮਾਂ ਦਾ ਵੀ ਬਣਦਾ ਲਾਭ ਮੁਹੱਈਆ ਕਰਵਾਇਆ ਜਾਵੇਗਾ।

Post a Comment

Previous Post Next Post