ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰ ਪਰਿਵਾਰ ਨੂੰ ਮਿਲੇਗੀ 10 ਲੱਖ ਰੁਪਏ ਸਲਾਨਾ ਸਿਹਤ ਬੀਮਾ ਦੀ ਸਹੂਲਤ - ਹਰਵਿੰਦਰ ਸਿੰਘ ਖਹਿਰਾ
ਕਿਹਾ; ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਬਹੁਤ ਵੱਡੀ ਉਪਲੱਬਧੀ
ਨਾਭਾ, 23 ਮਾਰਚ (ਅਮਨ ਗਰਗ ) ਮਾਨ ਸਰਕਾਰ ਨੇ ਸੂਬਾ ਪੰਜਾਬ ਵਿੱਚ ਸਿੱਖਿਆ ਸੀ ਪੱਧਰ ਨੂੰ ਉੱਚਾ ਚੁੱਕਿਆ ਹੈ। ਉੱਥੇ ਹੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਦੇ 65 ਲੱਖ ਪਰਿਵਾਰਾਂ ਲਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਨਾਭਾ ਦੇ ਨੇੜਲੇ ਪਿੰਡ ਬਿਰੜਵਾਲ ਵਿਖੇ ਪੰਚਾਇਤ ਮੈਂਬਰ ਹਰਵਿੰਦਰ ਸਿੰਘ ਖਹਿਰਾ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਕੈਂਪ ਲਗਾਉਣ ਉਪਰੰਤ ਪ੍ਰਗਟਾਏ। ਉਹਨਾਂ ਕਿਹਾ ਕਿ ਇਸ ਯੋਜਨਾ ਦੇ ਲਾਗੂ ਹੋਣ ਨਾਲ ਹਰੇਕ ਕਵਰ ਪਰਿਵਾਰ ਨੂੰ ਸਲਾਨਾ 10 ਲੱਖ ਰੁਪਏ ਤੱਕ ਦੇ ਮੁਫ਼ਤ ਤੇ ਵਧੀਆ ਇਲਾਜ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰ ਲਾਭਪਾਤਰੀ ਨੂੰ ਇਲਾਜ ਪ੍ਰਾਪਤ ਕਰਨ ਲਈ ਇੱਕ ਸਿਹਤ ਕਾਰਡ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਆਪਣੇ 2025-26 ਦੇ ਬਜਟ ਵਿੱਚ ਕੀਤਾ ਗਿਆ ਸੀ ਅਤੇ ਇਸ ਦੇ ਲਈ 778 ਕਰੋੜ ਰੁਪਏ ਦੇ ਲਗਭਗ ਦੀ ਰਕਮ ਅਲਾਟ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸੂਬਾ ਪੰਜਾਬ 10 ਲੱਖ ਰੁਪਏ ਦਾ ਯੂਨੀਵਰਸਲ ਸਿਹਤ ਬੀਮਾ ਕਵਰ ਵਾਲਾ ਪਹਿਲਾ ਰਾਜ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਮੁੜ-ਨਿਰਮਾਣ ਕੀਤੀ ਗਈ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਸਾਰੇ ਨਿਵਾਸੀਆਂ ਅਤੇ ਇੱਥੋਂ ਤੱਕ ਕਿ ਸੇਵਾਮੁਕਤ ਸਰਕਾਰੀ ਕਰਮਚਾਰੀਆਂ ਤੇ ਵੀ ਲਾਗੂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਹਸਪਤਾਲਾਂ ਵਿੱਚ ਵਿਸ਼ੇਸ਼ ਇਲਾਜ ਦੀ ਮੰਗ ਕਰਨ ਵਾਲੇ ਲੋਕ ਵੀ ਇਸ ਬੀਮੇ ਦੇ ਘੇਰੇ ਵਿੱਚ ਆਉਣਗੇ, ਬਸ਼ਰਤੇ ਉਹ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸੁਚੀਬੱਧ ਹਸਪਤਾਲਾਂ ਵਿੱਚ ਇਲਾਜ ਕਰਵਾਉਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਬਹੁਤ ਵੱਡੀ ਉਪਲੱਬਧੀ ਹੈ। ਉਨ੍ਹਾਂ ਕਿਹਾ ਕਿ ਅਕਸਰ ਹੀ ਬਿਮਾਰੀ ਦੀ ਸੁਰਤ ਵਿੱਚ ਲੋੜਵੰਦ ਪਰਿਵਾਰਾਂ ਦੀ ਸਾਰੀ ਜਮ੍ਹਾ ਪੂੰਜੀ ਇਲਾਜ ਉੱਪਰ ਹੀ ਖਰਚ ਹੋ ਜਾਂਦੀ ਸੀ, ਪਰ ਹੁਣ ਇਹ ਰਾਸ਼ੀ ਲੋਕ ਆਪਣੇ ਪਰਿਵਾਰਾਂ ਦੀ ਬਿਹਤਰੀ ਲਈ ਖ਼ਰਚ ਸਕਣਗੇ। ਇਸ ਮੌਕੇ ਪੰਚਾਇਤ ਮੈਂਬਰ ਕੁਲਵੰਤ ਸਿੰਘ, ਪੰਚਾਇਤ ਮੈਂਬਰ ਨਿਰਮਲ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ, ਆਸ਼ਾ ਵਰਕਰ ਸੀਤਾ ਰਾਣੀ, ਰਵਿੰਦਰ ਕੌਰ ਆਦਿ ਹਾਜਰ ਸਨ।

Post a Comment