ਮਹਿਲ ਕਲਾਂ, 13 ਸਤੰਬਰ (ਬਲਜਿੰਦਰ ਸਿੰਘ ਢਿੱਲੋਂ, ਰਾਜਵਿੰਦਰ ਸਿੰਘ ਕਲਾਲ ਮਾਜਰਾ) — 13ਵੇਂ ਠਾਠ ਨਾਨਕਸਰ ਮਹਿਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਨਾਨਕਸਰ ਸੰਪਰਦਾਇ ਦੇ ਮਹਾਨ ਸੰਤਾਂ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 61ਵਾਂ ਸਾਲਾਨਾ ਸੰਤ ਸਮਾਗਮ 11 ਤੋਂ 17 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ।
ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਸੰਤ ਬਾਬਾ ਕੇਹਰ ਸਿੰਘ ਜੀ ਨੇ ਦੱਸਿਆ ਕਿ 11 ਤੋਂ 15 ਸਤੰਬਰ ਤੱਕ ਹਰ ਰੋਜ਼ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਵਿਸ਼ੇਸ਼ ਰੂਹਾਨੀ ਦੀਵਾਨ ਸਜਾਏ ਜਾਣ ਗਏ । ਇਨ੍ਹਾਂ ਦੀਵਾਨਾਂ ਵਿੱਚ ਸੰਤ-ਮਹਾਂਪੁਰਸ਼ ਅਤੇ ਧਾਰਮਿਕ ਸ਼ਖ਼ਸੀਅਤਾਂ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੀਆਂ।
ਉਨ੍ਹਾਂ ਦੱਸਿਆ ਕਿ 16 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। 17 ਸਤੰਬਰ ਨੂੰ ਸਵੇਰੇ 10 ਵਜੇ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਤੋਂ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਹੋਵੇਗਾ, ਜਿਸ ਵਿੱਚ ਨਾਨਕਸਰ ਸੰਪਰਦਾਇ ਦੇ ਮਹਾਂਪੁਰਖਾਂ ਤੋਂ ਇਲਾਵਾ ਪ੍ਰਸਿੱਧ ਰਾਗੀ ਜਥੇ ਅਤੇ ਸਿੱਖ ਕੌਮ ਦੇ ਪ੍ਰਚਾਰਕ ਗੁਰਬਾਣੀ ਕੀਰਤਨ ਤੇ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਨਗੇ।
ਇਸ ਮੌਕੇ ਤੇ ਸੋਢਾ ਪੱਤੀ ਦੇ ਮੌਜੂਦਾ ਸਰਪੰਚ ਸਰਬਜੀਤ ਸਿੰਘ ਸ਼ੰਭੂ ਨੇ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ 13ਵੇਂ ਠਾਠ ਨਾਨਕਸਰ ਮਹਿਲ ਕਲਾਂ ਵਿਖੇ ਹੋਣ ਵਾਲਾ ਇਹ ਪਵਿੱਤਰ ਸੰਤ ਸਮਾਗਮ ਸਮੂਹ ਸੰਗਤਾਂ ਲਈ ਆਤਮਿਕ ਲਾਹਾ ਪ੍ਰਾਪਤ ਕਰਨ ਦਾ ਵੱਡਾ ਮੌਕਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਹੁੰਮ-ਹੁਮਾ ਕੇ ਸਮਾਗਮ ਵਿੱਚ ਪਹੁੰਚਣ ਅਤੇ ਵੱਧ-ਚੜ੍ਹ ਕੇ ਹਾਜ਼ਰੀ ਭਰਨ ਦੀ ਪੁਰਜ਼ੋਰ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰਬਾਣੀ ਕੀਰਤਨ ਅਤੇ ਕਥਾ-ਵਿਚਾਰਾਂ ਦਾ ਆਨੰਦ ਮਾਣਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।


0 Comments