ਰਾਜਪੁਰਾ,17 ਜੁਲਾਈ(ਹਿਮਾਂਸ਼ੂ ਹੈਰੀ):ਆਮ ਆਦਮੀ ਪਾਰਟੀ ਦੇ ਉੱਘੇ ਆਗੂ ਅਤੇ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸੂਬੇ ਦੇ ਸਮੂਹ ਧਾਰਮਿਕ ਸਥਾਨਾਂ ਨੂੰ ਬਿਜਲੀ ਬਿੱਲਾਂ ਵਿੱਚ ਵਿਸ਼ੇਸ਼ ਰਾਹਤ ਦੇਣ ਅਤੇ ਸਰਕਾਰੀ ਸਹਾਇਤਾ ਨਾਲ ਸੋਲਰ ਪੈਨਲ ਲਗਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਦੀਪਕ ਸੂਦ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਧਾਰਮਿਕ ਸਥਾਨ ਇਸ ਵੇਲੇ ਕਮਰਸ਼ੀਅਲ ਦਰਾਂ ਅਨੁਸਾਰ ਬਿਜਲੀ ਬਿੱਲ ਅਦਾ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀਆਂ ਪ੍ਰਬੰਧਕ ਕਮੇਟੀਆਂ 'ਤੇ ਵਾਧੂ ਆਰਥਿਕ ਬੋਝ ਪੈਂਦਾ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਸਰਕਾਰ ਇੱਕ ਵਿਸ਼ੇਸ਼ ਨੀਤੀ ਬਣਾਕੇ ਧਾਰਮਿਕ ਸਥਾਨਾਂ ਨੂੰ ਰਿਆਇਤੀ ਦਰਾਂ 'ਤੇ ਬਿਜਲੀ ਮੁਹੱਈਆ ਕਰਵਾਏ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਚਰਚਾਂ ਅਤੇ ਹੋਰ ਧਾਰਮਿਕ ਸਥਾਨਾਂ ਦੀਆਂ ਛੱਤਾਂ 'ਤੇ ਸਰਕਾਰੀ ਸਹਿਯੋਗ ਨਾਲ ਸੋਲਰ ਪੈਨਲ ਲਗਾਏ ਜਾਣ, ਤਾਂ ਨਾ ਸਿਰਫ਼ ਉਨ੍ਹਾਂ ਦੇ ਬਿਜਲੀ ਖ਼ਰਚ ਵਿੱਚ ਵੱਡੀ ਕਮੀ ਆਵੇਗੀ, ਸਗੋਂ ਵਾਧੂ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਗਰਿੱਡ ਵਿੱਚ ਵੀ ਸ਼ਾਮਲ ਹੋ ਸਕੇਗੀ। ਇਸ ਨਾਲ ਨਵਿਆਉਣਯੋਗ ਊਰਜਾ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਸੂਬੇ ਨੂੰ ਵੀ ਲਾਭ ਹੋਵੇਗਾ। ਇਸ ਦੌਰਾਨ ਸੂਦ ਨੇ ਕਿਹਾ ਕਿ ਇਹ ਕਦਮ ਧਾਰਮਿਕ ਸੰਸਥਾਵਾਂ ਨੂੰ ਆਰਥਿਕ ਰਾਹਤ ਦੇਣ ਦੇ ਨਾਲ-ਨਾਲ ਵਾਤਾਵਰਣ ਸੰਭਾਲ ਅਤੇ ਊਰਜਾ ਬਚਤ ਵੱਲ ਵੀ ਇੱਕ ਮਹੱਤਵਪੂਰਨ ਯੋਗਦਾਨ ਸਾਬਤ ਹੋਵੇਗਾ।ਇਸ ਨਾਲ ਸ਼ਰਧਾਲੂਆਂ ਦੇ ਦਾਨ ਦਾ ਵੱਡਾ ਹਿੱਸਾ ਲੰਗਰ, ਸਿੱਖਿਆ, ਸਿਹਤ ਅਤੇ ਹੋਰ ਸਮਾਜ ਸੇਵਾ ਦੇ ਕੰਮਾਂ ਲਈ ਵਰਤਿਆ ਜਾ ਸਕੇਗਾ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਲੋਕ ਹਿੱਤ ਅਤੇ ਧਾਰਮਿਕ ਸੰਸਥਾਵਾਂ ਦੇ ਭਲੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਸੁਝਾਅ 'ਤੇ ਸਕਾਰਾਤਮਕ ਫੈਸਲਾ ਲੈਣਗੇ।


0 Comments